ਪਾਕਿਸਤਾਨ ਨੇ ਕੀਤੀ ਭਾਰੀ ਗੋਲਾਬਾਰੀ, ਘੁਸਪੈਠ ਦੀ ਕੋਸ਼ਿਸ਼ ਨਾਕਾਮ, ਬਾਲਾਕੋਟ ‘ਚ ਸਕੂਲ ਮੁੜ ਬੰਦ ਕਰਨ ਦੇ ਹੁਕਮ

ਜੰਮੂ : ਪਾਕਿਸਤਾਨ ਫ਼ੌਜ ਲਗਾਤਾਰ ਜੰਮੂ ਦੇ ਰਿਹਾਇਸ਼ੀ ਖੇਤਰਾਂ ਤੇ ਸਕੂਲਾਂ ਨੂੰ ਨਿਸ਼ਾਨਾ ਬਣਾ ਰਹੀ ਹੈ। ਪੁਣਛ ਦੇ ਬਾਲਾਕੋਟ, ਮੇਂਢਰ, ਸ਼ਾਹਪੁਰ ਕਿਰਨੀ ਤੇ ਰਾਜੌਰੀ ਦੇ ਕਲਸੀਆਂ ਸੈਕਟਰ ‘ਚ ਪਾਕਿ ਫ਼ੌਜ ਨੇ ਸ਼ਨਿਚਰਵਾਰ ਨੂੰ ਜੰਮ ਕੇ ਮੋਰਟਾਰ ਦਾਗੇ। ਇਸ ਵਿਚ ਲਗਪਗ 20 ਪਸ਼ੂ ਮਾਰੇ ਗਏ ਤੇ 10 ਮਕਾਨਾਂ ਨੂੰ ਨੁਕਸਾਨ ਪੁੱਜਾ ਹੈ। ਭਾਰਤ ਨੇ ਵੀ ਪਾਕਿ ਫ਼ੌਜ ਨੂੰ ਕਰਾਰਾ ਜਵਾਬ ਦਿੱਤਾ। ਇਸ ਨਾਲ ਸਰਹੱਦ ਪਾਰ ਵੀ ਨੁਕਸਾਨ ਦੀ ਸੂਚਨਾ ਹੈ। ਬਾਵਜੂਦ ਇਸਦੇ ਸਰਹੱਦ ਪਾਰ ਤੋਂ ਗੋਲਾਬਾਰੀ ਜਾਰੀ ਹੈ। ਇਸ ਦਰਮਿਆਨ, ਪ੍ਰਸ਼ਾਸਨ ਨੇ ਅਹਿਤਿਆਤ ਵਜੋਂ ਗੋਲਾਬਾਰੀ ਤੋਂ ਜ਼ਿਆਦਾ ਪ੍ਰਭਾਵਿਤ ਬਾਲਾਕੋਟ ਸੈਕਟਰ ਵਿਚ ਸਰਹੱਦ ਨਾਲ ਲੱਗਦੇ ਸਾਰੇ ਨਿੱਜੀ ਤੇ ਸਰਕਾਰੀ ਸਕੂਲਾਂ ਨੂੰ ਬੰਦ ਕਰਨ ਦਾ ਹੁਕਮ ਜਾਰੀ ਕਰ ਦਿੱਤਾ ਹੈ।

ਜੰਮੂ-ਕਸ਼ਮੀਰ ਵਿਚ ਧਾਰਾ 370 ਹਟਣ ਤੋਂ ਬਾਅਦ ਤੋਂ ਹੀ ਪਾਕਿਸਤਾਨ ਸਰਕਾਰ ਤੇ ਉਸਦੀ ਫ਼ੌਜ ਪੂਰੀ ਤਰ੍ਹਾਂ ਬੌਖਲਾ ਗਈ ਹੈ। ਅੰਤਰਰਾਸ਼ਟਰੀ ਮੰਚ ‘ਤੇ ਹਰ ਵਾਰ ਮੂੰਹ ਦੀ ਖਾ ਰਿਹਾ ਪਾਕਿਸਤਾਨ ਹੀਰਾਨਗਰ ਤੋਂ ਪੁਣਛ ਸਰਹੱਦ ਤਕ ਭਾਰੀ ਗੋਲਾਬਾਰੀ ਕਰ ਕੇ ਤਣਾਅ ਵਧਾ ਰਿਹਾ ਹੈ।
ਸੂਤਰਾਂ ਅਨੁਸਾਰ, ਪਾਕਿ ਫ਼ੌਜ ਨੇ ਬੀਤੀ ਰਾਤ ਵੀ ਬਾਲਾਕੋਟ, ਮੇਂਢਰ, ਸ਼ਾਹਪੁਰ ਕਿਰਨੀ ਤੇ ਕਲਸੀਆਂ ਸੈਕਟਰ ਵਿਚ ਗੋਲਾਬਾਰੀ ਦੀ ਆੜ ਵਿਚ ਅੱਤਵਾਦੀਆਂ ਦੇ ਦਲ ਨੂੰ ਭਾਰਤੀ ਖੇਤਰ ਵਿਚ ਦਾਖ਼ਲ ਕਰਵਾਉਣ ਦੀ ਕੋਸ਼ਿਸ਼ ਕੀਤੀ, ਪਰ ਭਾਰਤੀ ਫ਼ੌਜ ਨੇ ਪਾਕਿਸਤਾਨ ਦੇ ਮਨਸੂਬਿਆਂ ‘ਤੇ ਪਾਣੀ ਫੇਰ ਦਿੱਤਾ। ਇਸ ਦੌਰਾਨ ਬਾਲਾਕੋਟ ਦੇ ਡੱਬੀ ਪਿੰਡ ਵਿਚ ਮੋਰਟਾਰ ਡਿੱਗਣ ਨਾਲ ਮੁਹੰਮਦ ਸ਼ੱਬੀਰ ਪੁੱਤਰ ਮੁਹੰਮਦ ਇਕਬਾਲ ਦੇ ਵਿਹੜੇ ਵਿਚ ਬੰਨ੍ਹੇ ਦਸ ਮਵੇਸ਼ੀ ਮਾਰੇ ਗਏ ਤੇ ਕਈ ਜ਼ਖ਼ਮੀ ਹੋ ਗਏ। ਇਸ ਦੇ ਨਾਲ ਲੱਗਦੇ ਖੇਤਰਾਂ ਵਿਚ ਵੀ ਕਈ ਮਵੇਸ਼ੀ ਮਾਰੇ ਗਏ ਤੇ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਉੱਥੇ, ਸ਼ਨਿਚਰਵਾਰ ਸਵੇਰੇ ਕਰੀਬ ਸਾਢੇ ਨੌ ਵਜੇ ਪਾਕਿ ਫ਼ੌਜ ਨੇ ਫਿਰ ਕਿਰਨੀ ਸੈਕਟਰ ਵਿਚ ਭਾਰਤੀ ਫ਼ੌਜ ਦੀਆਂ ਚੌਕੀਆਂ ਤੇ ਰਿਹਾਇਸ਼ੀ ਖੇਤਰਾਂ ‘ਤੇ ਗੋਲਾਬਾਰੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਸ਼ਾਮ ਨੂੰ ਵੀ ਪਾਕਿਸਤਾਨ ਨੇ ਬਾਲਾਕੋਟ ਸੈਕਟਰ ਵਿਚ ਭਾਰੀ ਗੋਲਾਬਾਰੀ ਸ਼ੁਰੂ ਕਰ ਦਿੱਤੀ, ਜਿਸਦਾ ਭਾਰਤੀ ਫ਼ੌਜ ਮੂੰਹ ਤੋੜ ਜਵਾਬ ਦੇ ਰਹੀ ਹੈ।

Leave a Reply

Your email address will not be published. Required fields are marked *