ਚਾਚੇ ਦੇ ਕਹਿਣ ‘ਤੇ ਵਿਦਿਆਰਥੀ ਕਰਨ ਲੱਗ ਪਿਆ ਸੀ ਇਹ ਕੰਮ, ਪੁਲਿਸ ਨੇ ਕੀਤਾ ਕਾਬੂ

ਲੁਧਿਆਣਾ: ਅਫੀਮ ਨਾਲ ਜੁੜੀ ਇਕ ਖੌਫਨਾਫ ਖ਼ਬਰ ਸਾਹਮਣੇ ਆਈ ਹੈ। ਅਫੀਮ ਦਾ ਵਪਾਰ ਕਰਨ ਵਾਲਾ ਵਿਅਕਤੀ 12ਵੀਂ ਜਮਾਤ ਦਾ ਵਿਦਿਆਰਥੀ ਦਸਿਆ ਜਾ ਰਿਹਾ ਹੈ। ਉਸ ਨੇ ਅਪਣੇ ਚਾਚੇ ਦੇ ਕਹਿਣ ‘ਤੇ ਅਫੀਮ ਦੀ ਤਸਕਰੀ ਕਰਨੀ ਸ਼ੁਰੂ ਕਰ ਦਿੱਤੀ ਸੀ। ਨੌਜਵਾਨ ਅਫੀਮ ਦੀ ਸਪਲਾਈ ਦੇਣ ਲਈ ਸਕੂਲ ਤੋਂ ਛੁੱਟੀਆਂ ਲੈ ਕੇ ਰਾਜਸਥਾਨ ਤੋਂ ਲੁਧਿਆਣਾ ਆ ਗਿਆ।
ਇੱਕ ਗੁਪਤ ਸੂਚਨਾ ਦੇ ਆਧਾਰ ‘ਤੇ ਥਾਣਾ ਸਦਰ ਦੀ ਪੁਲਿਸ ਨੇ ਜੋਧਪੁਰ ਰਾਜਸਥਾਨ ਦੇ ਰਹਿਣ ਵਾਲੇ ਦਲਪਤ ਸਿੰਘ (19)ਅਤੇ ਉਸ ਦੇ ਸਾਥੀ ਉੱਤਰ ਪ੍ਰਦੇਸ਼ ਦੇ ਵਾਸੀ ਰਾਜੂ ਯਾਦਵ(35) ਨੂੰ ਸਵਾ ਕਿੱਲੋ ਅਫ਼ੀਮ ਸਮੇਤ ਕਾਬੂ ਕੀਤਾ। ਥਾਣਾ ਸਦਰ ਦੀ ਪੁਲਿਸ ਦੇ ਮੁਤਾਬਕ ਦੋਵਾਂ ਮੁਲਜ਼ਮਾਂ ਖ਼ਿਲਾਫ਼ ਐਨਡੀਪੀਐਸ ਐਕਟ ਦਾ ਮੁਕੱਦਮਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣੇਦਾਰ ਰਜਿੰਦਰਪਾਲ ਸਿੰਘ ਨੇ ਦੱਸਿਆ ਕੇ ਨੌਜਵਾਨ ਦਲਪਤ ਸਿੰਘ ਜੋਧਪੁਰ ‘ਚ ਬਾਰ੍ਹਵੀਂ ਜਮਾਤ ਦੀ ਪੜ੍ਹਾਈ ਕਰ ਰਿਹਾ ਹੈ।
ਪੁਲਿਸ ਮੁਤਾਬਿਕ ਕਾਬੂ ਕੀਤੇ ਮੁਲਜ਼ਮਾਂ ਦੀ ਪੁੱਛਗਿੱਛ ਤੋਂ ਇਹ ਸਾਫ ਹੋਇਆ ਕਿ ਕੁਝ ਮਹੀਨੇ ਪਹਿਲਾਂ ਦਲਪਤ ਦਾ ਚਾਚਾ ਲੁਧਿਆਣਾ ਆਇਆ। ਉਸ ਦੀ ਮੁਲਾਕਾਤ ਉੱਤਰ ਪ੍ਰਦੇਸ਼ ਤੋਂ ਆ ਕੇ ਧਾਂਦਰਾ ਰੋਡ ‘ਤੇ ਰਹਿ ਕੇ ਗੋਲ ਗੱਪਿਆਂ ਦੀ ਰੇਹੜੀ ਲਗਾਉਣ ਵਾਲੇ ਰਾਜੂ ਯਾਦਵ ਨਾਲ ਹੋਈ। ਪੁਲਿਸ ਦੇ ਮੁਤਾਬਿਕ ਰਾਜਸਥਾਨ ਵਾਪਸ ਜਾਣ ਤੋਂ ਬਾਅਦ ਮੁਲਜ਼ਮ ਦਲਪਤ ਸਿੰਘ ਦੇ ਚਾਚੇ ਨੇ ਉਸ ਨੂੰ ਸਵਾ ਕਿਲੋ ਅਫੀਮ ਦਿੱਤੀ ਤੇ ਲੁਧਿਆਣਾ ਜਾ ਕੇ ਅਫੀਮ ਦੀ ਸਪਲਾਈ ਰਾਜੂ ਨੂੰ ਦੇ ਦੇਣ ਦੀ ਗੱਲ ਕਹੀ।
ਜਿਸ ਤਰ੍ਹਾਂ ਹੀ ਨੌਜਵਾਨ ਲੁਧਿਆਣਾ ਪਹੁੰਚਿਆ ਪੁਲਿਸ ਨੂੰ ਗੁਪਤ ਸੂਤਰਾਂ ਤੋਂ ਜਾਣਕਾਰੀ ਮਿਲ ਗਈ। ਪੁਲਿਸ ਨੇ ਨਾਕਾਬੰਦੀ ਦੇ ਦੌਰਾਨ ਲਲਤੋਂ ਬੱਸ ਸਟਾਪ ਤੋਂ ਦੋਵਾਂ ਮੁਲਜ਼ਮਾਂ ਨੂੰ ਸਵਾ ਕਿੱਲੋ ਅਫ਼ੀਮ ਸਮੇਤ ਕਾਬੂ ਕੀਤਾ। ਪੁਲਿਸ ਦੇ ਮੁਤਾਬਕ ਅਫੀਮ ਇੱਕ ਲੱਖ ਰੁਪਏ ਕਿਲੋ ਦੇ ਹਿਸਾਬ ਨਾਲ ਰਾਜਸਥਾਨ ਤੋਂ ਲਿਆਂਦੀ ਗਈ ਸੀ।
ਬਰਾਮਦ ਹੋਈ ਅਫ਼ੀਮ ਮੁਲਜ਼ਮ ਰਾਜੂ ਨੇ ਸ਼ਹਿਰ ਵਿਚ ਪਰਚੂਨ ਮਾਤਰਾ ਵਿੱਚ ਮਹਿੰਗੇ ਭਾਅ ਤੇ ਸਪਲਾਈ ਕਰਨੀ ਸੀ, ਪਰ ਉਸ ਤੋਂ ਪਹਿਲਾਂ ਹੀ ਦੋਵੇਂ ਮੁਲਜ਼ਮ ਪੁਲਿਸ ਦੇ ਕਾਬੂ ਆ ਗਏ। ਥਾਣਾ ਸਦਰ ਦੀ ਪੁਲਿਸ ਦੇ ਮੁਤਾਬਕ ਦੋਵਾਂ ਮੁਲਜ਼ਮਾਂ ਕੋਲੋਂ ਤਿੰਨ ਦਿਨ ਦੇ ਪੁਲਿਸ ਰਿਮਾਂਡ ਦੇ ਦੌਰਾਨ ਪੁੱਛਗਿੱਛ ਕੀਤੀ ਜਾ ਰਹੀ ਹੈ । ਪੁਲਿਸ ਨੂੰ ਉਮੀਦ ਹੈ ਕਿ ਅਫ਼ੀਮ ਦੀ ਤਸਕਰੀ ਵਿਚ ਲਿਪਤ ਕਈ ਹੋਰ ਮੁਲਜ਼ਮਾਂ ਦੇ ਖੁਲਾਸੇ ਹੋਣਗੇ।

Leave a Reply

Your email address will not be published. Required fields are marked *