ਅਮਿਤ ਸ਼ਾਹ 1984 ਸਿੱਖ ਕਤਲੇਆਮ ਬਾਰੇ ਡਾ. ਮਨਮੋਹਨ ਸਿੰਘ ਵੱਲੋਂ ਕੀਤੇ ਸਨਸਨੀਖੇਜ ਖੁਲਾਸੇ ਦੇ ਸਾਰੇ ਮਾਮਲੇ ਦੀ ਜਾਂਚ ਕਰਵਾਉਣ : ਮਨਜਿੰਦਰ ਸਿੰਘ ਸਿਰਸਾ

* ਗਾਂਧੀ ਪਰਿਵਾਰ ਦੀ ਸ਼ਮੂਲੀਅਤ ਬਾਰੇ ਅਸੀਂ ਜੋ 35 ਸਾਲ ਤੋਂ ਕਹਿ ਰਹੇ ਸੀ, ਉਸਦਾ ਸੱਚ ਸਾਹਮਣੇ ਆਇਆ : ਸਿਰਸਾ

ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ ਮਨਜਿੰਦਰ ਸਿੰਘ ਸਿਰਸਾ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਅਪੀਲ ਕੀਤੀ ਹੈ ਕਿ 1984 ਦੇ ਸਿੱਖ ਕਤਲੇਆਮ ਬਾਰੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵੱਲੋਂ ਕੀਤੇ ਸਨਸਨਖੇਜ ਖੁਲਾਸੇ ਮਗਰੋਂ ਇਸ ਸਾਰੇ ਮਾਮਲੇ ਦੀ ਜਾਂਚ ਕਰਵਾਈ ਜਾਵੇ। ਇਥੇ ਜਾਰੀ ਇਕ ਬਿਆਨ ਵਿਚ ਸ੍ਰੀ ਸਿਰਸਾ ਨੇ ਕਿਹਾ ਕਿ ਅਸੀਂ 35 ਸਾਲ ਤੋਂ ਇਹ ਕਹਿ ਰਹੇ ਹਾਂ ਕਿ ਗਾਂਧੀ ਪਰਿਵਾਰ ਨੇ 1984 ਦਾ ਸਿੱਖ ਕਤਲੇਆਮ ਕਰਵਾਇਆ ਸੀ ਤੇ ਡਾ. ਮਨਮੋਹਨ ਸਿੰਘ ਦੇ ਖੁਲਾਸੇ ਮਗਰੋਂ ਹੁਣ ਇਹ ਸਾਬਤ ਹੋ ਗਿਆ ਹੈ। ਉਹਨਾਂ ਕਿਹਾ ਕਿ ਜਦੋਂ ਖੁਸ਼ਵੰਤ ਸਿੰਘ, ਕੁਲਦੀਪ ਨਈਅਰ ਅਤੇ ਇੰਦਰ ਕੁਮਾਰ ਗੁਜਰਾਲ ਤਤਕਾਲੀ ਗ੍ਰਹਿ ਮੰਤਰੀ ਨਰਸਿਮਾ ਰਾਓ ਕੋਲ ਗਏ ਸਨ ਤੇ ਆਖਿਆ ਸੀ ਕਿ ਫੌਜ ਸੱਦ ਲਈ ਜਾਵੇ ਤਾਂ ਨਰਸਿਮਾ ਰਾਓ ਨੇ ਕਿਹਾ ਸੀ ਕਿ ਮੈਂ ਉਪਰ ਗੱਲ ਕਰਕੇ ਦੱਸਾਂਗਾ। ਉਹਨਾਂ ਕਿਹਾ ਕਿ ਗ੍ਰਹਿ ਮੰਤਰੀ ਤੋਂ ਉਪਰ ਤਾਂ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਹੀ ਸਨ। ਫੌਜ ਨਹੀਂ ਸੱਦੀ ਗਈ ਕਿਉਂਕਿ ਗਾਂਧੀ ਪਰਿਵਾਰ ਹੀ ਕਤਲੇਆਮ ਕਰਵਾਇਆ ਸੀ।
ਸ੍ਰੀ ਸਿਰਸਾ ਨੇ ਕਿਹਾ ਕਿ ਰਾਜੀਵ ਗਾਂਧੀ ਨੇ ਗ੍ਰਹਿ ਮੰਤਰਾਲੇ ਰਾਹੀਂ ਪੁਲਿਸ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਹਦਾਇਤਾਂ ਕੀਤੀਆਂ ਸਨ ਕਿ ਵੱਧ ਤੋਂ ਵੱਧ ਸਿੱਖਾਂ ਦਾ ਕਤਲੇਆਮ ਕਰਵਾਇਆ ਜਾਵੇ ਅਤੇ ਕਤਲੇਆਮ ਕਰਨ ਵਾਲਿਆਂ ਦੀ ਸੁਰੱਖਿਆ ਯਕੀਨੀ ਬਣਾਇਆ ਜਾਵੇ। ਉਹਨਾਂ ਕਿਹਾ ਕਿ ਉਸ ਵੇਲੇ ਰਾਜੀਵ ਗਾਂਧੀ ਦੇ ਦਫਤਰੋਂ ਹਦਾਇਤਾਂ ਹੋਈਆਂ ਤੇ ਗ੍ਰਹਿ ਮੰਤਰਾਲੇ ਦਾ ਦਫਤਰ ਵੀ ਵਰਤਿਆ ਗਿਆ।
ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਅਪੀਲ ਕੀਤੀ ਕਿ ਸਾਰੇ ਮਾਮਲੇ ਦੀ ਜਾਂਚ ਕਰਵਾਈ ਜਾਵੇ ਕਿ ਉਸ ਵੇਲੇ ਰਾਜੀਵ ਗਾਂਧੀ ਨੇ ਨਰਸਿਮਾ ਰਾਓ ਤੋਂ ਇਲਾਵਾ ਕਿਸ ਕਿਸ ਨੂੰ ਹਦਾਇਤਾਂ ਦਿੱਤੀਆਂ ਸਨ ਤੇ ਕਿਵੇਂ ਸਰਕਾਰ ਵੱਲੋਂ ਇਹ ਕਤਲੇਆਮ ਕਰਵਾਇਆ ਗਿਆ ਸੀ, ਇਸਦੀ ਸਾਰੀ ਜਾਂਚ ਵਾਸਤੇ ਇਕ ਕਮਿਸ਼ਨ ਬਿਠਾਇਆ ਜਾਵੇ।
ਸ੍ਰੀ ਸਿਰਸਾ ਨੇ ਇਹ ਵੀ ਕਿਹਾ ਕਿ ਹੁਣ ਗਾਂਧੀ ਪਰਿਵਾਰ ਦੇਸ਼ ਕੋਲੋਂ ਮੁਆਫੀ ਮੰਗੇ ਜਦੋਂ ਇਹ ਸਾਬਤ ਹੋ ਗਿਆ ਹੈ ਕਿ ਰਾਜੀਵ ਗਾਂਧੀ ਨੇ ਹੀ ਫੌਜ ਨਹੀਂ ਸੱਦਣ ਦਿੱਤੀ ਕਿਉਂਕਿ ਉਹ ਖੁਦ ਕਤਲੇਆਮ ਕਰਵਾ ਰਿਹਾ ਸੀ। 

Leave a Reply

Your email address will not be published. Required fields are marked *